ਅੰੰਮਿ੍ਤਸਰ: ਭਾਜਪਾ ਦੇ ਫੁੱਲਾਂ ਦੀ ਮਹਿਕ ਲੈਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਅੱਜ ਸੀਨੀਅਰ ਕਾਂਗਰਸੀ ਆਗੂਆਂ ਦੇ ਦਖ਼ਲ ਨਾਲ ਘਰ ਪਰਤ ਆਏ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਪੱਕੇ ਸਿਪਾਹੀ ਹਨ ਅਤੇ ਕਾਂਗਰਸ ਲਈ ਖੂਨ ਦੀ ਹਰ ਬੂੰਦ ਵਹਾਉਣ ਲਈ ਤਿਆਰ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਭਗਵੰਤਪਾਲ ਸਿੰਘ ਸੱਚਰ ਦਾ ਕਾਂਗਰਸ ਵਿੱਚ ਸਫ਼ਰ ਕੋਈ ਨਵਾਂ ਨਹੀਂ ਹੈ ਸਗੋਂ ਉਹ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀ ਜੀਵਨ ਦੌਰਾਨ ਹੀ ਕਾਂਗਰਸ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੱਕ ਪਹੁੰਚੇ। ਸੱਚਰ ਨੂੰ ਮਨਾਉਣ ਵਿੱਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀਆਂ ਸੁਖਬਿੰਦਰ ਸਿੰਘ ਸਰਕਾਰੀਆ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਕਾਂਗਰਸੀ ਆਗੂ ਜੋਗਿੰਦਰ ਪਾਲ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਸਾਰੇ ਆਗੂਆਂ ਨੇ ਇੱਥੇ ਪਹੁੰਚ ਕੇ ਸ੍ਰੀ ਸੱਚਰ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਵਾਪਸ ਘਰ ਪਹੁੰਚਾਇਆ। ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਸੱਚਰ ਨੂੰ ਕੇਂਦਰੀ ਹਾਈ ਕਮਾਂਡ ਵੱਲੋਂ ਦਿੱਲੀ ਤਲਬ ਕੀਤਾ ਗਿਆ ਹੈ ਅਤੇ ਉਹ ਭਲਕੇ ਦਿੱਲੀ ਲਈ ਰਵਾਨਾ ਹੋ ਜਾਣਗੇ ਜਿੱਥੇ ਅਗਲੇਰੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।