‘ਆਪ’ ਨੇ ਵਿਰੋਧੀ ਪਾਰਟੀਆਂ ‘ਤੇ ਮਾਨ ਸਰਕਾਰ ਦੀ ਲੋਕ ਪੱਖੀ ਪਹੁੰਚ ਕਾਰਨ ਪੰਜਾਬ ਦੀ ਸ਼ਾਂਤੀ ਭੰਗ ਕਰਨ ਦਾ ਦੋਸ਼ ਲਗਾਇਆ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਟਿਆਲਾ ਵਿੱਚ ਦੋ ਧੜਿਆਂ ਵਿੱਚ ਹੋਈ ਝੜਪ ਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ ਹੈ। ਇਸ ਘਟਨਾ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵਿਰੋਧੀ ਪਾਰਟੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਸ਼ਿਵ ਸੈਨਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਕੁਝ ਸਮਾਜ ਵਿਰੋਧੀ ਅਨਸਰਾਂ ਨਾਲ ਮਿਲ ਕੇ ਮਾਨ ਸਰਕਾਰ ਨੂੰ ਆਪਣੇ ਲੋਕ ਪੱਖੀ ਫੈਸਲਿਆਂ ਅਤੇ ਮਾਫੀਆ ਖਿਲਾਫ ਕਾਰਵਾਈਆਂ ਤੋਂ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਲੋਕ ਪੱਖੀ ਫੈਸਲੇ ਲੈ ਰਹੀ ਹੈ ਅਤੇ ਇਸ ਦੇ ਨਾਲ ਹੀ ਭੂ-ਮਾਫੀਆ ਦੇ ਖਿਲਾਫ ਕੱਲ੍ਹ ਵਾਂਗ ਹੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਕਾਂਗਰਸ, ਅਕਾਲੀ, ਭਾਜਪਾ ਅਤੇ ਸ਼ਿਵ ਸੈਨਾ ਵਰਗੀਆਂ ਹੋਰ ਸਿਆਸੀ ਪਾਰਟੀਆਂ, ਜਿਨ੍ਹਾਂ ਨੇ 75 ਸਾਲਾਂ ਤੋਂ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਕੀਤਾ, ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਆਮ ਪਰਿਵਾਰ ਵਿੱਚੋਂ ਆਇਆ ਮੁੱਖ ਮੰਤਰੀ ਹਰ ਰੋਜ਼ ਲੋਕ ਭਲਾਈ ਦੇ ਫੈਸਲੇ ਲੈਂਦਾ ਹੈ। ਇਸ ਲਈ ਸਰਕਾਰ ਨੂੰ ਇਸ ਕਾਰਵਾਈ ਤੋਂ ਭਟਕਾਉਣ ਲਈ ਉਹ ਰਾਜ ਦੀ ਭਾਈਚਾਰਕ ਸਾਂਝ ਅਤੇ ਫਿਰਕੂ ਸ਼ਾਂਤੀ ਨੂੰ ਠੇਸ ਪਹੁੰਚਾਉਣ ਲਈ ਸਮਾਜ ਵਿਰੋਧੀ ਅਨਸਰਾਂ ਦੀ ਸਰਪ੍ਰਸਤੀ ਕਰ ਰਹੇ ਹਨ।

ਕੰਗ ਨੇ ਕਿਹਾ ਕਿ ਮਾਨ ਸਰਕਾਰ ਇਸ ਮਾਮਲੇ ਵਿੱਚ ਪੂਰੀ ਪਾਰਦਰਸ਼ਤਾ ਨਾਲ ਸਖ਼ਤ ਕਾਰਵਾਈ ਕਰੇਗੀ ਅਤੇ ਪਟਿਆਲਾ ਵਿੱਚ ਇਸ ਅਸ਼ਾਂਤੀ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਨੂੰਨ ਆਪਣਾ ਕੰਮ ਕਰੇਗਾ ਅਤੇ ਰਾਜ ਵਿੱਚ ਗੜਬੜ ਲਈ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਜਿਨ੍ਹਾਂ ਲੋਕਾਂ ਦੀਆਂ ਸਿਆਸੀ ਦੁਕਾਨਾਂ ਅੱਜ ਆਮ ਆਦਮੀ ਪਾਰਟੀ ਦੀ ਬਦੌਲਤ ਬੰਦ ਹਨ, ਉਹ ਇਸ ਪਿੱਛੇ ਹਨ ਪਰ ਪੰਜਾਬ ਦੇ ਲੋਕ ਇਨ੍ਹਾਂ ਦੀ ਘਟੀਆ ਰਾਜਨੀਤੀ ਤੋਂ ਭਲੀ-ਭਾਂਤ ਜਾਣੂ ਹਨ ਅਤੇ ਅਜਿਹੇ ਅਨਸਰ ਕਦੇ ਵੀ ਪੰਜਾਬ ਵਿੱਚ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਅਜਿਹੀਆਂ ਘਟਨਾਵਾਂ ‘ਤੇ ਸਿਆਸਤ ਕਰਨ ਦੀ ਬਜਾਏ ਪੰਜਾਬ ਨੂੰ ਭ੍ਰਿਸ਼ਟਾਚਾਰ ਅਤੇ ਮਾਫੀਆ ਤੋਂ ਮੁਕਤ ਕਰਨ ਲਈ ਮਾਨ ਸਰਕਾਰ ਦੀ ਮੁਹਿੰਮ ਵਿੱਚ ਮਦਦ ਕਰਨੀ ਚਾਹੀਦੀ ਹੈ। ਭਾਈਚਾਰਾ, ਪੰਜਾਬ ਪੱਖੀ ਫੈਸਲੇ ਅਤੇ ਮਾਫੀਆ ਖਿਲਾਫ ਕਾਰਵਾਈ ਕਰਨਾ ‘ਆਪ’ ਸਰਕਾਰ ਦੀਆਂ ਤਰਜੀਹਾਂ ਹਨ ਅਤੇ ਉਹ ਪੰਜਾਬ ਵਿਰੋਧੀ ਤਾਕਤਾਂ ਨੂੰ ਤਰੱਕੀ ਦੇ ਰਾਹ ‘ਚ ਰੁਕਾਵਟ ਨਹੀਂ ਬਣਨ ਦੇਵੇਗੀ।

Leave a Reply

%d bloggers like this: