ਪੰਜਾਬ ਜੇਲ੍ਹ ਵਿਭਾਗ ਨੇ ਨਵਜੋਤ ਸਿੱਧੂ ਅਤੇ ਡਰੱਗਜ਼ ਦੇ ਸ਼ੱਕੀ ਨੂੰ ਇੱਕੋ ਬੈਰਕ ਵਿੱਚ ਰੱਖਣ ਦੇ ਦਾਅਵਿਆਂ ਦਾ ਕੀਤਾ ਖੰਡਨ

ਚੰਡੀਗੜ੍ਹ: ਪੰਜਾਬ ਜੇਲ ਵਿਭਾਗ ਨੇ ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਦੇ ਮਾਮਲੇ ‘ਚ ਜੇਲ ਵਿਭਾਗ ‘ਤੇ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਹੀਂ ਕੀਤੀ ਗਈ ਅਤੇ ਵਿਭਾਗ ਵੱਲੋਂ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

ਜਿਕਰਯੋਗ ਹੈ ਕਿ ਕੁਝ ਅਪ੍ਰਮਾਣਿਤ ਖਬਰਾਂ ਆ ਰਹੀਆਂ ਸਨ ਕਿ ਨਵਜੋਤ ਸਿੰਘ ਸਿੱਧੂ ਨੇ ਕੁਝ ਸਮੇਂ ਲਈ ਆਪਣੀ ਬੈਰਕ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਸਾਂਝੀ ਕੀਤੀ ਸੀ, ਜਿਸ ਦੇ ਖਿਲਾਫ ਕੁਝ ਕੇਸ ਦਰਜ ਹਨ।

ਬੁਲਾਰੇ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਰਿਪੋਰਟਾਂ ਕਿਸੇ ਵੀ ਸੱਚਾਈ ਤੋਂ ਸੱਖਣੇ ਹਨ ਅਤੇ ਪੂਰੀ ਤਰ੍ਹਾਂ ਨਾਲ ਝੂਠੀਆਂ, ਬੇਬੁਨਿਆਦ ਅਤੇ ਅਪਮਾਨਜਨਕ ਹਨ। ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਵੱਖਰੀ ਬੈਰਕ ਵਿੱਚ ਬੰਦ ਹੈ ਅਤੇ ਜੇਲ੍ਹ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਸ ਨੇ ਕਦੇ ਵੀ ਸ੍ਰੀ ਸਿੱਧੂ ਨਾਲ ਕੋਈ ਵੀ ਬੈਰਕ ਸਾਂਝੀ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਇੱਕ ਬੈਰਕ ਵਿੱਚ ਬੰਦ ਹਨ, ਜਿੱਥੇ ਕੁਝ ਹੋਰ ਕੈਦੀ ਵੀ ਬੰਦ ਹਨ, ਜਿਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ (ਸਿੱਧੂ) ਨੂੰ ਆਪਣੇ ਨਾਲ ਰੱਖਣ ਤੋਂ ਪਹਿਲਾਂ ਉਨ੍ਹਾਂ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਗਈ ਹੈ।

Leave a Reply

%d bloggers like this: