ਪੰਜਾਬ ਦੇ ਮੁੱਖ ਮੰਤਰੀ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਡੱਕਣ ਦਾ ਅਹਿਦ ਲਿਆ

ਮੂਸਾ (ਮਾਨਸਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਸਿੱਧ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਡੱਕਣ ਦਾ ਵਾਅਦਾ ਕੀਤਾ ਹੈ।

“ਪੁਲਿਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਅਹਿਮ ਸੁਰਾਗ ਮਿਲੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਕਾਬੂ ਕਰ ਲਵਾਂਗੇ।” ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨੂੰ ਉਨ੍ਹਾਂ ਦੇ ਜੱਦੀ ਘਰ ਦੇ ਦੌਰੇ ਦੌਰਾਨ ਭਰੋਸਾ ਦਿਵਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਮੂਸੇਵਾਲਾ ਇੱਕ ਬਹੁ-ਪ੍ਰਤਿਭਾਸ਼ਾਲੀ ਕਲਾਕਾਰ ਸੀ ਜਿਸ ਨੂੰ ਮਨਮੋਹਕ ਆਵਾਜ਼ ਅਤੇ ਰਚਨਾਤਮਕਤਾ ਦੀ ਬਖਸ਼ਿਸ਼ ਸੀ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੀ ਬੇਵਕਤੀ ਅਤੇ ਦੁਖਦਾਈ ਮੌਤ ਨੇ ਸੰਗੀਤ ਉਦਯੋਗ ਨੂੰ ਖਾਸ ਤੌਰ ‘ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਭਗਵੰਤ ਮਾਨ ਨੇ ਦੁਖੀ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਹੈ ਅਤੇ ਮੂਸੇਵਾਲਾ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਉਹ ਪੰਜਾਬੀਅਤ ਅਤੇ ਇੰਸਾਨੀਅਤ (ਇਨਸਾਨੀਅਤ) ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਨ ਅਤੇ ਜੋ ਕੋਈ ਵੀ “ਸਿਆਸਤ (ਰਾਜਨੀਤੀ) ਕਰਨਾ ਚਾਹੁੰਦਾ ਹੈ, ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ, ਮੁੱਖ ਮੰਤਰੀ ਨੇ ਅਫਸੋਸ ਪ੍ਰਗਟਾਇਆ ਕਿ ਕੁਝ ਲੋਕ ਨੌਜਵਾਨ ਗਾਇਕ ਦੀ ਦਰਦਨਾਕ ਹੱਤਿਆ ‘ਤੇ ਬੇਸ਼ਰਮੀ ਨਾਲ ਰਾਜਨੀਤੀ ਕਰ ਰਹੇ ਹਨ, ਜੋ ਕਿ ਗੈਰਵਾਜਬ ਅਤੇ ਅਣਇੱਛਤ ਹੈ। . ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ ਜੋ ਵੱਖ-ਵੱਖ ਮੁੱਦਿਆਂ ‘ਤੇ ਮਸ਼ਹੂਰ ਗਾਇਕ ਦੀ ਸਖ਼ਤ ਆਲੋਚਨਾ ਕਰਦੇ ਰਹੇ ਹਨ ਪਰ ਹੁਣ ਸਸਤੇ ਪ੍ਰਚਾਰ ਲਈ ਬੇਸ਼ਰਮੀ ਨਾਲ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਪਾਖੰਡੀ ਲੀਡਰਾਂ ਦੇ ਸ਼ੱਕੀ ਟਰੈਕ ਰਿਕਾਰਡ ਤੋਂ ਪਹਿਲਾਂ ਹੀ ਜਾਣੂ ਹਨ ਅਤੇ ਉਹ ਇਨ੍ਹਾਂ ਦੇ ਭੁਲੇਖੇ ਵਿਚ ਨਹੀਂ ਆਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਹੈ ਤਾਂ ਜੋ ਦੋਸ਼ੀਆਂ ਨੂੰ ਨਕੇਲ ਪਾਈ ਜਾ ਸਕੇ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪਰਿਵਾਰ ਦੀ ਮੰਗ ‘ਤੇ ਉਹ ਇਸ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ‘ਚ ਨਿਆਂਇਕ ਜਾਂਚ ਲਈ ਪਹਿਲਾਂ ਹੀ ਪਹੀਏ ਲਗਾ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਇਸ ਕਤਲ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਫੜਨ ਲਈ ਪਹਿਲਾਂ ਹੀ ਸਖ਼ਤ ਯਤਨ ਕਰ ਰਹੀ ਹੈ।

ਨੌਜਵਾਨ ਗਾਇਕ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਮੌਤ ਸੂਬੇ ਲਈ ਬਹੁਤ ਵੱਡਾ ਘਾਟਾ ਹੈ ਅਤੇ ਇਸ ਅਦੁੱਤੀ ਅਤੇ ਹੋਣਹਾਰ ਕਲਾਕਾਰ ਦੇ ਕਤਲ ਨਾਲ ਪੈਦਾ ਹੋਏ ਖਲਾਅ ਨੂੰ ਨੇੜ ਭਵਿੱਖ ਵਿੱਚ ਕਦੇ ਵੀ ਭਰਿਆ ਨਹੀਂ ਜਾ ਸਕਦਾ। ਮੁੱਖ ਮੰਤਰੀ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਦਾ ਬਲ ਬਖਸ਼ਣ।

Leave a Reply

%d bloggers like this: