ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪਸ਼ੂ ਪਾਲਣ ਕੰਪਲੈਕਸ ਮੁਹਾਲੀ ਵਿਖੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਘਰੇਲੂ ਔਰਤਾਂ ਨੂੰ ਛੋਟੇ ਵਪਾਰਕ ਡੇਅਰੀ ਫਾਰਮਾਂ ਦੀ ਸਥਾਪਨਾ ਲਈ ਪ੍ਰੇਰਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਤੌਰ ‘ਤੇ ਘਰੇਲੂ ਔਰਤਾਂ ਹੀ ਦੁਧਾਰੂ ਪਸ਼ੂਆਂ ਦੀ ਦੇਖਭਾਲ ਕਰਦੀਆਂ ਹਨ, ਇਸ ਲਈ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਔਰਤਾਂ ਲਈ ਛੋਟੇ ਡੇਅਰੀ ਫਾਰਮ ਸਥਾਪਤ ਕਰਨ ਲਈ ਸਭ ਤੋਂ ਵੱਧ ਤਰਜੀਹ ਦੇ ਕੇ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਔਰਤਾਂ ਲਈ ਛੋਟੇ ਵਪਾਰਕ ਡੇਅਰੀ ਫਾਰਮਾਂ ਦੀ ਸਥਾਪਨਾ ਲਈ ਇੱਕ ਨਿਵੇਕਲੀ ਸਕੀਮ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਮਹਿਲਾ ਦੁੱਧ ਉਤਪਾਦਕਾਂ ਨੂੰ 2 ਤੋਂ 5 ਪਸ਼ੂਆਂ ਦੀ ਖਰੀਦ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜਿਸ ਨਾਲ ਸੂਬੇ ਦੀਆਂ ਔਰਤਾਂ ਆਤਮ ਨਿਰਭਰ ਬਣ ਸਕਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਮਹਿਲਾ ਦੁੱਧ ਉਤਪਾਦਕਾਂ ਨੂੰ ਪਸ਼ੂਆਂ ਦੇ ਬੀਮੇ ‘ਤੇ ਵੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਆਰਜ਼ੀ ਸ਼ੈੱਡ ਸਥਾਪਤ ਕਰਨ ਲਈ ਮਨਰੇਗਾ ਤਹਿਤ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ।
ਮੰਤਰੀ ਨੇ ਖੁਲਾਸਾ ਕੀਤਾ ਕਿ ਇਹ ਸਕੀਮ ਬਲਾਕ ਪੱਧਰ ‘ਤੇ ਲਾਗੂ ਕੀਤੀ ਜਾਵੇਗੀ ਜਿਸ ਵਿੱਚ ਹਰੇਕ ਬਲਾਕ ਵਿੱਚ 300 ਯੂਨਿਟ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸਕੀਮ ਨੂੰ ਜੂਨ ਦੇ ਅੰਤ ਤੱਕ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ। ਕੁਲਦੀਪ ਧਾਲੀਵਾਲ ਨੇ ਅਧਿਕਾਰੀਆਂ ਨੂੰ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਅਸਲ ਲਾਭਪਾਤਰੀਆਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਲਈ ਵੀ ਕਿਹਾ।
ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਵੀ.ਕੇ ਜੰਜੂਆ, ਡਾਇਰੈਕਟਰ ਡੇਅਰੀ ਕੁਲਦੀਪ ਸਿੰਘ, ਡਿਪਟੀ ਡਾਇਰੈਕਟਰ ਕਸ਼ਮੀਰ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।