ਪੰਜਾਬ ਸਰਕਾਰ ਨੇ ਸੁਹੇਲੇਵਾਲਾ ਮਾਈਨਰ ਦੇ ਵਾਧੇ ਲਈ 10 ਕਰੋੜ ਰੁਪਏ ਜਾਰੀ ਕੀਤੇ

ਚੰਡੀਗੜ੍ਹ: ਖੇਤੀਬਾੜੀ ਉਦੇਸ਼ਾਂ ਲਈ ਨਹਿਰੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਸਿੰਚਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੁਹੇਲੇਵਾਲਾ ਮਾਈਨਰ ਨੂੰ ਵਧਾਉਣ ਲਈ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਹ ਸਰਹੱਦੀ ਜ਼ਿਲ੍ਹੇ ਦੇ ਕਿਸਾਨਾਂ ਦੀ ਚਿਰੋਕਣੀ ਮੰਗ ਸੀ।

ਇੱਕ ਵਾਰ ਪੂਰਾ ਹੋ ਜਾਣ ‘ਤੇ, ਪਿੰਡ ਸੁਹੇਲੇਵਾਲਾ ਤੋਂ ਚੱਕ ਬਾਹਮਣੀ ਵਾਲਾ ਤੱਕ ਮਾਈਨਰ ਦਾ ਇਹ 15 ਕਿਲੋਮੀਟਰ ਲੰਬਾ ਵਿਸਥਾਰ ਜਲਾਲਾਬਾਦ ਬਲਾਕ ਦੇ ਪਿੰਡਾਂ ਵਿੱਚ ਲਗਭਗ 5000 ਏਕੜ ਜ਼ਮੀਨ ਨੂੰ ਸਿੰਚਾਈ ਦੀ ਸਹੂਲਤ ਪ੍ਰਦਾਨ ਕਰੇਗਾ। ਮੁੱਖ ਲਾਭਪਾਤਰੀ ਪਿੰਡਾਂ ਵਿੱਚ ਜਲਾਲਾਬਾਦ ਬਲਾਕ ਵਿੱਚ ਸੁਹੇਲੇਵਾਲਾ, ਚੱਕ ਢਾਬ, ਖੁਸ਼ਹਾਲ ਜੋਈਆਂ, ਚੱਕ ਪੰਜਕੋਹੀ, ਚੱਕ ਕਬਰਵਾਲਾ, ਚੱਕ ਗੁਲਾਮ ਰਸੂਲਵਾਲਾ, ਚੱਕ ਬਲੋਚਾ ਅਤੇ ਚੱਕ ਬਾਹਮਣੀ ਵਾਲਾ ਸ਼ਾਮਲ ਹਨ।

ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੁਹੇਲੇਵਾਲਾ ਮਾਈਨਰ ਦੀ ਉਸਾਰੀ ਅਤੇ ਅਪਗ੍ਰੇਡੇਸ਼ਨ ਦਾ ਕੰਮ ਨਿਰਧਾਰਿਤ ਸਮਾਂ ਸੀਮਾ ਅੰਦਰ ਮੁਕੰਮਲ ਕਰਨ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਨੂੰ ਵੀ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਇਹ ਰਾਸ਼ੀ ਜਾਰੀ ਕਰਨ ਲਈ ਮੁੱਖ ਮੰਤਰੀ ਸ.ਭਗਵੰਤ ਮਾਨ ਅਤੇ ਜਲ ਸਰੋਤ ਮੰਤਰੀ ਦਾ ਧੰਨਵਾਦ ਕੀਤਾ।

Leave a Reply

%d bloggers like this: