ਅਧਿਕਾਰੀਆਂ ਨੇ ਕਿਹਾ ਕਿ ਰਾਜਗੜ੍ਹ ਮਿਉਂਸਪਲ ਚੇਅਰਪਰਸਨ, ਉਪ ਮੰਡਲ ਅਧਿਕਾਰੀ ਅਤੇ ਹੋਰਾਂ ਨੂੰ ਮੁਅੱਤਲ ਕਰਕੇ, ਰਾਜ ਸਰਕਾਰ ਇੱਕ ਸਖ਼ਤ ਸੰਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਅਲਵਰ ਦੇ ਰਾਜਗੜ੍ਹ ਦੇ ਐੱਸਡੀਐੱਮ ਕੇਸ਼ਵ ਕੁਮਾਰ ਮੀਨਾ ‘ਤੇ ਮੰਦਰ ਨੂੰ ਢਾਹੁਣ ਦਾ ਦੋਸ਼ ਹੈ। ਪਰਸੋਨਲ ਵਿਭਾਗ ਨੇ ਉਨ੍ਹਾਂ ਦੀ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦਰਅਸਲ, ਉਨ੍ਹਾਂ ਦੇ ਤਬਾਦਲੇ ਅਤੇ ਮੁਅੱਤਲੀ ਦੇ ਹੁਕਮ ਲਗਭਗ ਨਾਲੋ-ਨਾਲ ਕੱਢੇ ਗਏ ਸਨ।
ਸੋਮਵਾਰ ਰਾਤ ਨੂੰ, ਰਾਜ ਸਰਕਾਰ ਨੇ ਇੱਕ ਵੱਡੇ ਪ੍ਰਸ਼ਾਸਨਿਕ ਫੇਰਬਦਲ ਵਿੱਚ 239 ਆਰਏਐਸ ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਵੀ ਜਾਰੀ ਕੀਤੇ।
ਕੇਸ਼ਵ ਕੁਮਾਰ ਮੀਨਾ ਦਾ ਨਾਂ 239 ਆਰਏਐਸ ਅਧਿਕਾਰੀਆਂ ਦੀ ਬਦਲੀ ਸੂਚੀ ਵਿੱਚ 186ਵੇਂ ਨੰਬਰ ’ਤੇ ਹੈ।
ਅਲਵਰ ਦੀ ਏਡੀਐਮ ਡਾਕਟਰ ਸੁਨੀਤਾ ਪੰਕਜ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਭਾਜਪਾ ਦੀ ਤਰਫੋਂ ਇਸ ਮਾਮਲੇ ਦੀ ਜਾਂਚ ਕਰਨ ਗਏ ਭਾਜਪਾ ਸੀਕਰ ਦੇ ਸੰਸਦ ਮੈਂਬਰ ਸੁਮੇਧਾਨੰਦ ਸਰਸਵਤੀ ਨੇ ਕਿਹਾ ਕਿ ਰਾਜਗੜ੍ਹ ਦਾ ਮੰਦਿਰ ਕਬਜ਼ੇ ਹੇਠ ਨਹੀਂ ਹੈ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਢਾਹੇ ਗਏ ਮੰਦਰਾਂ ਦੀ ਮੁੜ ਉਸਾਰੀ ਕਰੇ ਅਤੇ ਮੁਆਫ਼ੀ ਮੰਗੇ। ਜਿਨ੍ਹਾਂ ਦੇ ਘਰ ਢਹਿ-ਢੇਰੀ ਕੀਤੇ ਗਏ ਹਨ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਜਾਣ।
ਭਾਜਪਾ ਦੀ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਪਾਰਟੀ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੂੰ ਸੌਂਪ ਦਿੱਤੀ ਹੈ।