ਸ਼ਹੀਦ ਭਗਤ ਸਿੰਘ ਨਗਰ ਵਿੱਚ 70.1 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ

ਨਵਾਂਸ਼ਹਿਰ: ਐਤਵਾਰ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 70.1 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਦੀ ਸਮੁੱਚੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਬਿਨਾਂ ਕਿਸੇ ਰੁਕਾਵਟ ਦੇ ਨੇਪਰੇ ਚੜ੍ਹੀ।

ਉਨ੍ਹਾਂ ਦੱਸਿਆ ਕਿ ਬਲਾਚੌਰ ਵਿੱਚ 73.8 ਫੀਸਦੀ, ਬੰਗਾ ਵਿੱਚ 69.4 ਫੀਸਦੀ ਅਤੇ ਨਵਾਂਸ਼ਹਿਰ ਵਿੱਚ 67.6 ਫੀਸਦੀ ਵੋਟਿੰਗ ਹੋਈ।

ਉਨ੍ਹਾਂ ਕਿਹਾ ਕਿ ਵੋਟਰਾਂ ਨੇ ਬਿਨਾਂ ਕਿਸੇ ਡਰ ਭੈਅ ਦੇ ਵੋਟਾਂ ਵਿੱਚ ਭਾਗ ਲਿਆ ਅਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੋਲਿੰਗ ਪਾਰਟੀਆਂ ਤੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਅਤੇ ਵੋਟਰ-ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਮਸ਼ੀਨਾਂ ਇਕੱਠੀਆਂ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਗਿਣਤੀ ਕੇਂਦਰਾਂ ‘ਤੇ ਸਥਾਨਕ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇਗੀ ਅਤੇ ਤਿੰਨ ਹਲਕਿਆਂ ਵਿੱਚ ਗਿਣਤੀ ਕੇਂਦਰਾਂ ਦੇ ਅਹਾਤੇ ਵਿੱਚ ਲੱਗੇ ਸੀ.ਸੀ.ਟੀ.ਵੀ. ਰਾਹੀਂ 24 ਘੰਟੇ ਨਿਗਰਾਨੀ ਰੱਖੀ ਜਾਵੇਗੀ।

ਸਾਰੰਗਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਸਵੇਰੇ 8 ਵਜੇ ਹੋਵੇਗੀ, ਜਿਸ ਦੌਰਾਨ ਵੋਟਾਂ ਦੀ ਗਿਣਤੀ ਲਈ ਗਿਣਤੀ ਕੇਂਦਰਾਂ ਵਿੱਚ ਲੋੜੀਂਦਾ ਕਾਊਂਟਿੰਗ ਸਟਾਫ਼ ਤਾਇਨਾਤ ਕੀਤਾ ਜਾਵੇਗਾ।

Leave a Reply

%d bloggers like this: