ਸਿੱਖਿਆ ਪ੍ਰਾਪਤ ਕਰਨ ਲਈ ਲੜਕੀਆਂ ਦਾ ਅੱਗੇ ਆਉਣਾ ਨਵੇਂ ਪੁਨਰਜਾਗਰਣ ਦੀ ਨਿਸ਼ਾਨੀ: ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ: “ਕੁੜੀਆਂ ਅੱਜ ਕੱਲ੍ਹ ਹਰ ਖੇਤਰ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੀਆਂ ਹਨ ਅਤੇ ਨਵੇਂ ਮੀਲ ਪੱਥਰਾਂ ਨੂੰ ਪਾਰ ਕਰਨ ਦੇ ਨਾਲ-ਨਾਲ ਆਪਣੇ ਲਈ ਇੱਕ ਸਥਾਨ ਬਣਾ ਰਹੀਆਂ ਹਨ”। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਗੁਰੂ ਨਾਨਕ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਮੰਤਰੀ ਨੇ ਕਾਲਜ ਦੇ ਪ੍ਰਬੰਧਕਾਂ ਦੀ ਇਸ ਗੱਲ ਲਈ ਸ਼ਲਾਘਾ ਕੀਤੀ ਕਿ ਕਾਲਜ ਵਿੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ 70 ਫੀਸਦੀ ਲੜਕੀਆਂ ਹਨ ਜੋ ਕਿ ਸਮਾਜ ਵਿੱਚ ਨਵੀਂ ਪੁਨਰ-ਜਾਗਰਣ ਦਾ ਪ੍ਰਤੀਕ ਹੈ।

ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਕਾਲਜ ਵੱਲੋਂ ਦਰਪੇਸ਼ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਸਮਾਗਮ ਕਰਵਾਉਣ ਲਈ ਕਾਲਜ ਵਿੱਚ ਆਡੀਟੋਰੀਅਮ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਮੰਤਰੀ ਨੇ ਇਹ ਵੀ ਦੁਹਰਾਇਆ ਕਿ ਕਾਲਜ ਦੇ ਮੈਦਾਨ ਨੂੰ ਖੇਡ ਗਤੀਵਿਧੀਆਂ ਕਰਵਾਉਣ ਲਈ ਢੁਕਵਾਂ ਬਣਾਇਆ ਜਾਵੇਗਾ ਤਾਂ ਜੋ ਉਭਰਦੇ ਖਿਡਾਰੀ ਆਪਣੇ ਹੁਨਰ ਨੂੰ ਨਿਖਾਰ ਸਕਣ ਅਤੇ ਖੇਡ ਖੇਤਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰ ਸਕਣ।

ਇਸ ਤੋਂ ਪਹਿਲਾਂ ਕਾਲਜ ਪਿ੍ੰਸੀਪਲ ਡਾ: ਅਰਪਨਾ ਨੇ ਮੰਤਰੀ ਦਾ ਸਵਾਗਤ ਕੀਤਾ ਅਤੇ ਕਾਲਜ ਸਟਾਫ਼ ਨਾਲ ਜਾਣ-ਪਛਾਣ ਕਰਵਾਈ | ਕਾਲਜ ਵਿੱਚ ਪੜ੍ਹਾਏ ਜਾ ਰਹੇ ਵੱਖ-ਵੱਖ ਕੋਰਸਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਉਂਦੇ ਹੋਏ ਪ੍ਰਿੰਸੀਪਲ ਨੇ ਖੁਲਾਸਾ ਕੀਤਾ ਕਿ ਨਵੇਂ ਸੈਸ਼ਨ ਤੋਂ ਕੁਝ ਨਵੇਂ ਕੋਰਸ ਸ਼ੁਰੂ ਕਰਨ ਦੇ ਵਿਕਲਪ ਬਾਰੇ ਵੀ ਖੋਜ ਕੀਤੀ ਜਾ ਰਹੀ ਹੈ।

ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਮੰਤਰੀ ਨੂੰ ‘ਫੁਲਕਾਰੀ’ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਮੰਤਰੀ ਨੇ ਕਾਲਜ ਕੈਂਪਸ ਵਿੱਚ ਇੱਕ ਬੂਟਾ ਵੀ ਲਗਾਇਆ।

ਧੰਨਵਾਦ ਦਾ ਮਤਾ ਪ੍ਰੋ: ਗੁਰਪ੍ਰੀਤ ਸਿੰਘ ਨੇ ਪੇਸ਼ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਕੁਲਵੰਤ ਸਿੰਘ ਅਤੇ ਮਹਾਰਾਣਾ ਪ੍ਰਤਾਪ ਸਕੂਲ ਦੇ ਪ੍ਰਿੰਸੀਪਲ ਪਾਲ ਸਿੰਘ ਵੀ ਹਾਜ਼ਰ ਸਨ।

Leave a Reply

%d bloggers like this: